Share

Share |

ਸੈਮੀਨਾਰ

ਹੁੰਦਾ ਹੁਕਮ ਜਦੋਂ ਮਾਸਟਰਾਂ ਨੂੰ,
ਛੱਡ ਕਲਾਸਾਂ ਫੇਰ ਲਾਉਣ ਸੈਮੀਨਾਰ ਮੀਆਂ।
ਕੁਝ ਖੁਸ਼ ਹੁੰਦੇ ਕੁਝ ਸੜ ਜਾਣ ਅੰਦਰੋਂ,
ਬੰਨ੍ਹ ਜੋਟੀਆਂ ਪਰ ਟੈਮ ਨਾਲ  ਆਉਣ ਮੀਆਂ।
ਕਰਨੀ ਨੌਕਰੀ ਤੇ ਫੇਰ ਨਖ਼ਰਾ ਕੀ
ਇਹੀ ਸੋਚ ਕੇ ਚਿੱਤ ਪਰਚਾਉਣ ਮੀਆਂ।
ਕਦੇ ਇੱਕ ਦਿਨ ਤੇ ਕਦੇ ਦਸ ਦਿਨਾ
ਐਪਰ ਪੰਜ ਦਿਨਾ ਵੀ ਚੌਂਕੀ ਲਾਉਣ ਮੀਆਂ।
ਪਹਿਲੇ ਦਿਨ ਨੇ ਮਿਲਕੇ ਪਛਾਣ ਕੱਢਦੇ,
ਵੇਖੀਏ ਐਤਕੀ ਕਿਸ ਕਿਸਦਾ ਹੋਇਆ ਆਉਣ ਮੀਆਂ।
ਵਾਂਗ ਮੁਜਰਮਾਂ ਕੰਬ ਜਾਂਦੇ ਨੇ ਮੁਲਾਜ਼ਮ,
ਵੱਡੇ ਸਾਹਬ ਜਦ ਫੇਰੀਆਂ ਪਾਉਣ ਮੀਆਂ।
ਸਾਹਬ ਮਾਰ ਜਾਂਦੇ ਦਬਕੇ ਦੇ ਦੇ ਦਲੀਲਾਂ,
ਪਹਿਲਾਂ ਹੀ ਸਮਝਿਆਂ ਨੂੰ ਮੁੜ ਸਮਝਾਉਣ ਮੀਆਂ।
ਅਖੇ ਬੱਚਿਆਂ ਦੀ ਪੜ੍ਹਾਈ ਦਾ ਨਾ ਨੁਕਸਾਨ ਕਰਿਓ
ਆਪ ਰਮਸਾ ਸਰਬ ਸਿੱਖਿਆ ਚ ਉਲਝਾਉਣ ਮੀਆਂ।
ਲਿਖੇ ਮੂਸਾ ਤੇ ਪੜ੍ਹੇ ਖੁਦਾ ਅਕਸਰ
ਤੌਬਾ ! ਕਮਾਲ ਏ ਜੋ ਇਹ ਸਿਲੇਬਸ ਪੜ੍ਹਾਉਣ ਮੀਆਂ।
ਮੁੱਕੇ ਜਾਏ ਜਦ ਗੋਲਾ ਬਾਰੂਦ ਰਿਸੋਰਸ ਪਰਸਨਾਂ ਦਾ,
ਹਾਰਕੇ ਸਟੇਜ ਮਾਸਟਰਾਂ ਹੱਥ ਫੜਾਉਣ ਮੀਆਂ।
ਅੱਕੇ ਥੱਕੇ ਤੇ ਖਾ ਕੇ ਧੱਕ ਭਾਰੀ
ਉਹ ਵੀ ਖੂਬ ਭੜ੍ਹਾਸ ਕੱਢ ਕੇ ਆਉਣ ਮੀਆਂ।
ਮੁਰਲੀ ਮਹਿਕਮਾ ਆਾਖਦੀ ਦੁਨੀਆਂ ਸਾਰੀ,
ਸਭ ਆਪਣੀ ਹੀ ਧੁਨ ਵਜਾਉਣ ਮੀਆਂ।
ਚਲ ਛੱਡ ਆਪਾਂ ਕੀ ਲੈਣਾ ਯਾਰ ਸ਼ਮੀ
ਚੁੱਪ ਕਰਕੇ ਲਾਈ ਜਾ ਜਿਵੇਂ ਬਾਕੀ ਲਾਉਣ ਮੀਆਂ।

ਕੋਰੜਾ ਛੰਦ : ਛੱਤੀ ਪ੍ਰਕਾਰ ਦੇ ਭੋਜਨ

[ਇਹ ਰਚਨਾ ਪ੍ਰਸਿੱਧ ਕਵੀਸ਼ਰ ਸੰਤ ਸਰੂਪ ਸਿੰਘ ਸੰਘਾ ਰਚਿਤ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਵਿਆਹ ਵਿੱਚੋਂ ਪੰਜਾਬੀ ਪਾਠਕਾਂ ਲਈ ਪੇਸ਼ ਕੀਤੀ ਜਾ ਰਹੀ ਹੈ]
ਦੋਹਰਾ
ਜੰਨ ਗੁਰੂ ਦੀ ਵੀਰਨੋ ਆ ਗਈ ਬਿਲਗੇ ਕੋਲ।
ਜਾਂਦੇ ਮੂਹਰੇ ਬਜਦੇ ਵੀਨਾਂ ਬਾਜੇ ਢੋਲ।

ਕੋਰੜਾ ਛੰਦ
ਬਿਲਗੇ ਦੇ ਚਲੀ ਕੋਲ ਦੀ ਜਨੇਤ ਜੀ।
ਘੋੜ ਅਸਵਾਰ ਭਗਤਾਂ ਸਮੇਤ ਜੀ।
ਸਿਹਰੇ ਲੱਗੇ ਸੀਸ ਪੰਜਮੇ ਅਵਤਾਰ ਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਮੈਣਾਂ ਬੱਗਾ ਨੀਲੋ ਦੁੰਨੀ ਮਨਸੂਰ ਸੀ।
ਭੱਲਾ ਭੋਜਾ ਭਾਈ ਸੱਤੇ ਮਸ਼ਹੂਰ ਸੀ।
ਗੁਰੂ ਜੀ ਦੇ ਪਾਸ ਅਰਜਾਂ ਗੁਜਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਬਾਹਲੀ ਆਪਾਂ ਮਾਰਦੇ ਜਮਾਂ ਨਾ ਫਿੰਡ ਜੀ।
ਦੋ ਦਿਹਾੜੇ ਕੱਟ ਜੋ ਅਸਾਂ ਦੇ ਪਿੰਡ ਜੀ।
ਸੇਵਕਾਂ ਦੇ ਬੇੜੇ ਮਹਾਰਾਜ ਤਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਯਥਾ ਜੋਗ ਜਾਇਕੇ ਉਤਾਰੀ ਜੰਨ ਜੀ।
ਸੱਦ ਹਲਵਾਈ ਬਨਵੌਣ ਅੰਨ ਜੀ।
ਛੇਆਂ ਰਸਾਂ ਵਿੱਚ ਲਾਂਗਰੀ ਨਖਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਸਾਰੇ ਪ੍ਰਸ਼ਾਦ ਮਠਿਆਈ ਸਾਰੀ ਐ।
ਮਿਸ਼ਰੀ ਮੱਖਣ ਫਿਰਨੀ ਨਿਆਰੀ ਐ।
ਸੇਮੀਆਂ ਤੇ ਖੀਰਾਂ ਮਿੱਠੇ ਦਿਲ ਠਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਮਿੱਠੇ)
ਹਾਜਮੇ ਦੇ ਪਾਣੀ ਬੂੰਦੀ ਦਹੀਂ ਭੱਲੇ ਜੀ।
ਦਹੀਂ ਲੱਸੀ ਚਟਣੀਆਂ ਅਚਾਰ ਚੱਲੇ ਜੀ।
ਏਨਾਂ ਖੱਟੇ ਛੇਆਂ ਚ ਕਚੌਰੀ ਡਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਖੱਟੇ)
ਕੜਾ ਤੇ ਪਕੌੜੇ ਚਣੇਂ ਦਾਲਾਂ ਕੁੱਲ ਜੀ।
ਸਭੇ ਤਰਕਾਰੀ ਬਣੀ ਲਾ ਕੇ ਟੁੱਲ ਜੀ।
ਕੌੜਿਆਂ ਚ ਕੌੜੀ ਬੜੀਆਂ ਮਲਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਕੌੜੇ)
ਰਾਇਤੇ ਮੁਰੱਬੇ ਔਰ ਸਾਰੇ ਫਲ ਜੀ।
ਖਿਚੜੀ ਬਣਾਕੇ ਚੂਰਨ ਦੁਬਲ ਜੀ।
ਦਹੀਂ ਵਿਚ ਖੰਡ ਪਾ ਕੁਸੈਲੇ ਮਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਕਸੈਲੇ)
ਦੁੱਧ ਅੰਬਰਸ ਪਾਪੜ ਤੇ ਪੂੜੇ ਜੀ।
ਰਾਬੜੀ ਤੇ ਚੌਲਾਂ ਦੇ ਸਵਾਦ ਗੂੜੇ ਜੀ।
ਸਤੂ ਤੇ ਕਸਾਰ ਹੈ ਸਲੂਣੇ ਕਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਸਲੂਣੇ)
ਘਿਓ ਤੇ ਮਲਾਈ ਮੱਠੀ ਮੱਠੇ ਪੂਰੀਆਂ।
ਰੋਟੀਆਂ ਤਮਾਮ ਫੇਣੀਆਂ ਨੇ ਦੂਰੀਆਂ।
ਚਰਪਰੇ ਸਵਾਦ ਵਿਚ ਹੈ ਨਖਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ। (ਛੇ ਚਰਪਰੇ)
ਇਮੇਂ ਸੱਤੇ ਭਾਈਆਂ ਨੇ ਛਕਾਇਆ ਅੰਨ ਨੂੰ।
ਤਿੰਨ ਦਿਨ ਡੱਕਿਆ ਗੁਰੂ ਦੀ ਜੰਨ ਨੂੰ।
ਬਿਰਲੇ ਮਰਦੇ ਵਿਚ ਸੰਸਾਰ ਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।
ਛੇਈ ਰਸ ਦਿੱਤੇ ਨਾ ਫਰਕ ਰੱਤੀ ਜੀ।
ਛੇਈ ਛੀਕੇ ਮੇਲ ਕੇ ਬਣਾ ਲੌ ਛੱਤੀ ਜੀ।
ਸੰਤ ਕਵੀ ਗੌਣ ਦਰਿਓਂ ਪਾਰਦੇ।
ਭੋਜਨ ਛਕੌਣ ਛੱਤੀ ਪਰਕਾਰ ਦੇ।

ਜੰਗਲ

ਨਾਹਰਿਆਂ ਦਾ ਜੰਗਲ ਹੈ ਸੱਚ ਨੂੰ ਲੁਕਾ ਰਿਹਾ
ਰੂਹ ਦੀ ਸਰਦਲ ਤੇ ਗੁਬਾਰ ਜਿਹਾ ਛਾ ਰਿਹਾ

ਦੋਸ਼ੀ ਵੱਲ ਉਂਗਲ ਕਰਕੇ ਬੰਦਾ ਇਉਂ ਘਬਰਾ ਰਿਹਾ
ਜਿਉਂ ਚਾਨਣ ਨੂੰ ਹਨੇਰੇ ਤੋਂ ਹੋਵੇ ਖਤਰਾ ਜਿਹਾ

ਕੱਲ੍ਹ ਦੀ ਉਡੀਕ ਵਿਚ ਅੱਜ ਤੋਂ ਮੂੰਹ ਮੁੜਦਾ ਰਿਹਾ
ਜੜ੍ਹ ਬਣ ਗਿਆ ਬੰਦਾ ਜੋ ਕਦੇ ਤਾਰੇ ਫੜਦਾ ਰਿਹਾ

ਜੇਬ ਖਾਲੀ ਉੱਪਰ ਪੰਡ ਕਰਜ਼ੇ ਵਾਲੀ ਐਪਰ
ਵੇਖੋ ਹੌਸਲਾ, ਬੰਦਾ ਫੇਰ ਵੀ ਕਿਵੇਂ ਮੁਸਕੁਰਾ ਰਿਹਾ

ਅੱਜ ਲੰਘਿਐ ਸ਼ਮੀ ਕੋਲੋ ਯਾਦਾਂ ਦਾ ਕਾਫ਼ਲਾ ਜਿਹਾ
ਤਪਦੇ ਹਾੜ੍ਹ ਆਉਂਦਾ ਜਿਉਂ ਪੌਣ ਦਾ ਹੁਲਾਰਾ ਜਿਹਾ।

ਕਬਿੱਤ


ਲੱਗਦੀਆਂ ਏਥੇ ਅੱਗਾਂ, ਲਹਿੰਦੀਆਂ ਸਿਰੋਂ ਪੱਗਾਂ,
ਮੱਲਿਆ ਏ
ਪਿੜ ਠੱਗਾਂ, ਪਿਆ ਘਸਮਾਣ ਹੈ।

ਉਲਝਿਆ ਤੰਦ ਤਾਣਾ, ਖੋਖਲਾ ਹੈ ਤਾਣਾ ਬਾਣਾ,
ਦੁਖੀ ਫਿਰੇ ਸਾਰਾ ਲਾਣਾ, ਕਿੱਥੇ ਭਗਵਾਨ ਹੈ?

ਦੁੱਖ ਤੇ ਗਰੀਬੀ ਸਾਰੀ, ਫਿਕਰਾਂ ਦੀ ਪੰਡ ਭਾਰੀ,
ਚੁੱਕੀ ਫਿਰੇ ਹਾਰੀ ਸਾਰੀ, ਕਿਸਦਾ ਧਿਆਨ ਹੈ?

ਜੋ ਵੀ ਹੁੰਦਾ ਹੋਈ ਜਾਵੇ, ਪਾਪੀ ਰਾਜਾ ਸੋਈ ਜਾਵੇ,
ਚੋਰ ਠੱਗ ਲੁੱਟੀ ਜਾਵੇ, ਖੁਸ਼ ਬੇਈਮਾਨ ਹੈ।

ਵੋਟਾਂ ਨਾਲ ਲੈਂਦੇ ਰਾਜ, ਸੱਤਾ ਵਾਲਾ ਕੰਮ ਕਾਜ,
ਬਣਕੇ ਉਹ ਕਹਿਰੀ ਬਾਜ, ਕਰੇ ਪਸ਼ੇਮਾਨ ਹੈ।

ਘਪਲੇ ਜੋ ਵੱਡੇ ਛੋਟੇ, ਮਜਲੂਮਾਂ ਉੱਤੇ ਥੋਪੇ,
ਭੋਰਾ ਵੀ ਨਾ ਸ਼ਮੀ ਡਰੇ, ਕਰੇ ਪੁਣਛਾਣ ਹੈ।

ਚੰਨ ਬੱਦਲਾਂ ਦੇ ਓਹਲੇ


ਚੰਨ ਬੱਦਲਾਂ ਦੇ ਓਹਲੇ ਹੋ ਕੇ ਸਾਡੀ ਗੱਲ ਸੁਣਦੈ
ਹਾਏ ਗੱਲ ਸੁਣਦੈ
ਉਹਨੂੰ ਪੁੱਛ ਅੱਗੇ ਹੋਕੇ ਸਾਡੀ ਗੱਲ ਕਿਉਂ ਸੁਣਦੈ
ਹਾਏ ਕਿਉਂ ਸੁਣਦੈ

ਏਥੋਂ ਗੱਲਾਂ ਸੁਣ ਇਹ ਘਰ ਜਾਊਗਾ
ਘਰ ਵਿਚ ਕਜੀਆ ਕੋਈ ਨਵਾਂ ਪਾਉਗਾ
ਬੇਬੇ ਬਾਪੂ ਕੋਲ ਜਾ ਕੇ ਦੱਸੂ ਸਾਰੀ ਗੱਲ ਨੂੰ
ਹੁਣ ਤਾਂ ਹੀ ਸੁਣਦੈ

ਮੈਨੂੰ ਇਹਦੀ ਨੀਤ ਵਿਚ ਖੋਟ ਜਾਪਦੈ
ਜਰਾ ਵੇਖ ਤਾਂ ਸਹੀ ਇਹ ਮੈਨੂੰ ਕਿਵੇਂ ਝਾਕਦੈ
ਅੱਲ੍ਹੜਾਂ ਦੀ ਪ੍ਰੀਤ ਦਾ ਹੈ ਵੈਰੀ ਜੱਗ ਸਾਰਾ
ਉੱਤੋਂ ਏਹ ਵੀ ਸੁਣਦੈ

ਚੱਲ ਉੱਠ ਏਥੋਂ ਆਪਾਂ ਕਿਤੇ ਹੋਰ ਚੱਲੀਏ
ਕੋਈ ਆਸਰਾ ਦੀਵਾਨਿਆਂ ਦਾ ਜਾ ਕੇ ਮੱਲੀਏ
ਸੱਜਣਾ ਵੇ ਇਹ ਤਾਂ ਜਗ੍ਹਾ ਜਾਪੇ ਓਪਰੀ,
ਵੈਰੀ ਗੱਲ ਸੁਣਦੈ

ਏਹਦੇ ਕੋਲ ਤਾਰਿਆਂ ਦੀ ਫੌਜ ਸੱਜਣਾ
ਕਰੀ ਜਾਵੇ ਮਨ ਦੀ ਇਹ ਮੌਜ ਸੱਜਣਾ
ਚੱਲ ਸ਼ਮੀ ਕੋਲ ਏਸਦੀ ਸ਼ਕੈਤ ਕਰੀਏ,
ਉਹੀ ਗੱਲ ਸੁਣਦੈ